ਜਨਤਾ ਸਕੂਲ ਨੇੜੇ ਉਕਤ ਪੁਲ ਦੇ ਚਾਲੂ ਹੋਣ ਨਾਲ ਸਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ

ਰਾਜਪੁਰਾ(ਅਜਾਦ ਪਟਿਆਲਵੀ):-ਰਾਜਪੁਰਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਅਖੀਰਕਾਰ ਅੱਜ ਉਸ ਸਮੇਂ ਪੂਰੀ ਹੋਈ ਜਦੋਂ ਵਿਧਾਇਕਾ ਨੀਨਾ ਮਿੱਤਲ ਨੇ ਰਾਜਪੁਰਾ ਰੇਲਵੇ ਲਾਈਨ ਉੱਤੇ ਨਵੇਂ ਬਣੇ ਰੋਡ ਓਵਰ ਬ੍ਰਿਜ (ਆਰ.ਓ.ਬੀ.) ਦਾ ਉਦਘਾਟਨ ਕੀਤਾ। ਜਨਤਾ ਸਕੂਲ ਵਾਲੇ ਓਵਰ ਬ੍ਰਿਜ ਦੀ ਰਾਹਗੀਰਾਂ ਲਈ ਸ਼ੁਰਵਤ ਕਰਕੇ ਵਿਧਾਇਕਾ ਨੀਨਾ ਮਿੱਤਲ ਨੇ ਰਾਜਪੁਰਾ ਵਾਸੀਆਂ ਨੂੰ ਕੀਮਤੀ ਸੋਗਾਤ ਦਿੱਤੀ ਹੈ। ਆਧੁਨਿਕ ਢੰਗ ਨਾਲ ਨਵੀਨੀਕਰਨ ਕੀਤਾ ਗਿਆ ਬ੍ਰਿਜ 2588.80 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦੇ ਪੂਰੇ ਹੋਣ ਨਾਲ ਰਾਜਪੁਰਾ ਅਤੇ ਨਜ਼ਦੀਕੀ ਇਲਾਕਿਆਂ ਵਿੱਚ ਆਵਾਜਾਈ ਸੁਗਮ ਹੋਣ ਦੇ ਨਾਲ ਨਾਲ ਟ੍ਰੈਫਿਕ ਜਾਮ ਅਤੇ ਦੁਰਘਟਨਾਵਾਂ ‘ਚ ਵੀ ਕਮੀ ਆਵੇਗੀ। ਵਿਧਾਇਕਾਂ ਮੈਡਮ ਨੀਨਾ ਮਿੱਤਲ ਵਲੋਂ ਰਾਜਪੁਰਾ ਚ ਜਨਤਾ ਸਕੂਲ ਨੇੜਲਾ ਰੇਲਵੇ ਪੁਲ ਆਮ ਜਨਤਾ ਦੇ ਲਈ ਖੋਲ੍ਹ ਦਿੱਤਾ ਗਿਆ। ਪੁੱਲ ਖੋਲ੍ਹੇ ਜਾਣ ਤੇ ਜਿਥੇ ਦੁਕਾਨਦਾਰਾ ਨੂੰ ਵੱਡੀ ਰਾਹਤ ਮਿਲੀ ਹੈ, ਉਥੇ ਸਰਹਿੰਦ ਤੋ ਰਾਜਪੁਰਾ ਸ਼ਹਿਰ ਅੰਦਰ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਟ੍ਰੈਫਿਕ ਸਮੱਸਿਆ ਤੋ ਨਿਜ਼ਾਤ ਮਿਲੇਗੀ।
ਇਹ ਆਰ.ਓ.ਬੀ. ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਵਿਭਾਗ, ਪੰਜਾਬ ਦੀ ਸਾਂਝੀ ਕੋਸ਼ਿਸ਼ ਅਤੇ ਮੰਤਰੀਆਂ ਦੇ ਯਤਨਾਂ ਨਾਲ ਪੂਰਾ ਕੀਤਾ ਗਿਆ ਹੈ। ਨਵੀਨੀਕਰਨ ਦੇ ਦੌਰਾਨ ਲੁੱਕ ਵਾਲਾ ਮਿਕਸਚਰ ਪਾ ਕੇ ਬ੍ਰਿਜ ਦੀ ਮਜਬੂਤੀ ਨੂੰ ਯਕੀਨੀ ਬਣਾਇਆ ਗਿਆ।ਉਦਘਾਟਨ ਸਮਾਗਮ ਦੌਰਾਨ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਵਾਜਾਈ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਆਰ.ਓ.ਬੀ. ਨਿਰਮਾਣ ਨਾ ਸਿਰਫ ਆਮ ਜਨਤਾ ਦੀ ਆਸਾਨੀ ਲਈ ਹੈ, ਬਲਕਿ ਇਹ ਵਿਕਾਸ ਦੀ ਨਵੀਂ ਰਾਹਦਾਰੀ ਵੀ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਓਵਰ ਬ੍ਰਿਜ ਦੇ ਨਿਰਮਾਣ ਦੇ ਸਮੇਂ ਦੌਰਾਨ ਨੇੜਲੀ ਮਾਰਕੀਟ ਦੇ ਦੁਕਾਨਦਾਰਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ ਸੀ, ਪ੍ਰੰਤੂ ਜਨਤਾ ਸਕੂਲ ਦੇ ਉਕਤ ਓਵਰ ਬ੍ਰਿਜ ਅੱਜ ਆਮ ਲੋਕਾਂ ਨੂੰ ਅਰਪਣ ਕਰਨ ਨਾਲ ਜਿਥੇ ਦੁਕਾਨਦਾਰਾਂ ਨੇ ਲਾਭ ਮਿਲੇਗਾ, ਉਥੇ ਰੋਜ਼ਮਰ੍ਹਾ ਦੇ ਕੰਮਕਾਜ ਲਈ ਸ਼ਹਿਰ ਆਉਣ ਜਾਣ ਵਾਲੇ ਰਾਹਗੀਰ ਅਤੇ ਸਕੂਲੀ ਬੱਚੇ ਦੂਰ ਦੁਰਾਡੇ ਤੋਂ ਘੁੰਮ ਕੇ ਆਪਣੇ ਸਥਾਨ ਤੇ ਪਹੁੰਚਣ ਦੀ ਬਜਾਏ ਸਿੱਧਾ ਰਸਤੇ ਘੱਟ ਸਮੇਂ ਵਿੱਚ ਪਹੁੰਚਣਗੇ।
ਉਨ੍ਹਾਂ ਨੇ ਵਿਭਾਗਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨਾ ਇਕ ਵੱਡੀ ਉਪਲਬਧੀ ਹੈ।ਸਥਾਨਕ ਨਿਵਾਸੀਆਂ ਨੇ ਵੀ ਇਸ ਪ੍ਰਾਜੈਕਟ ਦੀ ਪੂਰੀ ਹੋਣ ਉੱਤੇ ਖੁਸ਼ੀ ਜਤਾਈ ਅਤੇ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਸਨਮਾਨ ਵੀ ਕੀਤਾ।ਬ੍ਰਿਜ ਨੂੰ ਲੋਕ ਅਰਪਣ ਕਰਦੇ ਹੋਏ, ਨੀਨਾ ਮਿੱਤਲ ਨੇ ਭਵਿੱਖ ਵਿੱਚ ਹੋਰ ਵਿਕਾਸ ਪ੍ਰੋਜੈਕਟਾਂ ਦੀ ਵੀ ਘੋਸ਼ਣਾ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਅਤੇ ਪਾਰਟੀ ਅਹੁਦੇਦਾਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਮੌਜੂਦ ਸਨ।





