ਪੰਜਾਬ ਕੈਬਨਿਟ ‘ਚ ਫੇਰਬਦਲ ਦੀ ਤਿਆਰੀ! ਸੰਜੀਵ ਅਰੋੜਾ ਤੋਂ ਇਲਾਵਾ ਹੋਰ ਵਿਧਾਇਕ ਵੀ ਬਣ ਸਕਦੇ ਹਨ ਮੰਤਰੀ

ਪੰਜਾਬ ਕੈਬਨਿਟ ‘ਚ ਫੇਰਬਦਲ ਦੀ ਤਿਆਰੀ! ਸੰਜੀਵ ਅਰੋੜਾ ਤੋਂ ਇਲਾਵਾ ਹੋਰ ਵਿਧਾਇਕ ਵੀ ਬਣ ਸਕਦੇ ਹਨ ਮੰਤਰੀ

ਪੰਜਾਬ (ਅਜਾਦ ਪਟਿਆਲਵੀ):- ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ’ਚ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੀ ਜਿੱਤ ਤੋਂ ਬਾਅਦ ਸੂਬੇ ਵਿਚ ਪੰਜਾਬ ਮੰਤਰੀ ਮੰਡਲ ’ਚ ਫੇਰਬਦਲ ਦੀਆਂ ਚਰਚਾਵਾਂ ਵੀ ਤੇਜ਼ ਹੋ ਗਈਆਂ ਹਨ। ਹਾਲਾਂਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ’ਚ ਚੋਣ ਪ੍ਰਚਾਰ ਕਰਦੇ ਹੋਏ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਬਣਾਉਣ ਦਾ ਐਲਾਨ ਕੀਤਾ ਸੀ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਹੋਰ ਚੰਗੇ ਚਿਹਰਿਆਂ ਨੂੰ ਸਰਕਾਰ ਵਿਚ ਜਗ੍ਹਾ ਦਿੱਤੀ ਜਾ ਸਕਦੀ ਹੈ ਕਿਉਂਕਿ 2027 ’ਚ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਹੋਣੀਆਂ ਹਨ, ਜਿਨ੍ਹਾਂ ਨੂੰ ਵੇਖਦੇ ਹੋਏ ਸਰਕਾਰ ਨੂੰ ਅਗਲੇ ਡੇਢ ਸਾਲਾਂ ਦੌਰਾਨ ਤੇਜ਼-ਤਰਾਰ ਢੰਗ ਨਾਲ ਕੰਮ ਕਰਨਾ ਪਵੇਗਾ।

ਪੰਜਾਬ ’ਚ ਕੁਝ ਮੰਤਰੀਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ‘ਆਪ’ ਲੀਡਰਸ਼ਿਪ ਜ਼ਿਆਦਾ ਪ੍ਰਸੰਨ ਨਹੀਂ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸੰਜੀਵ ਅਰੋੜਾ ਨੂੰ ਮੰਤਰੀ ਬਣਾਉਂਦੇ ਸਮੇਂ ਪੰਜਾਬ ਮੰਤਰੀ ਮੰਡਲ ’ਚ ਹੋਰ ਵੀ ਫੇਰਬਦਲ ਕੀਤਾ ਜਾਂਦਾ ਹੈ ਜਾਂ ਫਿਰ ਇਕੱਲੇ ਸੰਜੀਵ ਅਰੋੜਾ ਨੂੰ ਹੀ ਐਡਜਸਟ ਕੀਤਾ ਜਾਂਦਾ ਹੈ। ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣਾ ਇਸ ਲਈ ਵੀ ਜ਼ਰੂਰੀ ਹੋ ਗਿਆ ਹੈ ਕਿ ਕਿਉਂਕਿ ਇਕ ਤਾਂ ਇਹ ਐਲਾਨ ਖੁਦ ਅਰਵਿੰਦ ਕੇਜਰੀਵਾਲ ਨੇ ਕੀਤਾ ਸੀ ਅਤੇ ਦੂਜਾ ਲੁਧਿਆਣਾ ਸ਼ਹਿਰ ’ਚੋਂ ਇਕ ਮੰਤਰੀ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ ਤਾਂ ਜੋ ਸਮੁੱਚੀ ਪਾਰਟੀ ਵਿਚ ਨਵੀਂ ਜਾਨ ਪਾਈ ਜਾ ਸਕੇ।

ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੀ ਜਦੋਂ ਉਪ-ਚੋਣ ਹੋਈ ਸੀ ਤਾਂ ਉਸ ਵੇਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਮੋਹਿੰਦਰ ਭਗਤ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨਗੇ ਅਤੇ ਉਪ-ਚੋਣ ’ਚ ਜਿੱਤਣ ਤੋਂ ਕੁਝ ਸਮਾਂ ਬਾਅਦ ਹੀ ਮੋਹਿੰਦਰ ਭਗਤ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ ਸੀ। ਹੁਣ ਮੁੜ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਬਾਅਦ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਬਣਾਉਣ ਦਾ ਰਸਤਾ ਪੱਧਰਾ ਹੋ ਗਿਆ ਹੈ ਅਤੇ ਨਾਲ ਹੀ ਲੁਧਿਆਣਾ ’ਚ ਤੇਜ਼ ਰਫਤਾਰ ਨਾਲ ਵਿਕਾਸ ਕਾਰਜ ਕਰਵਾਉਣ ਲਈ ਸੰਜੀਵ ਅਰੋੜਾ ਨੂੰ ਅਹਿਮ ਵਿਭਾਗ ਵੀ ਦੇਣਾ ਪਵੇਗਾ।

ਇਹ ਵੀ ਸੰਭਵ ਹੈ ਕਿ ਸਰਕਾਰ ਆਪਣੇ ਮੰਤਰੀ ਮੰਡਲ ਨੂੰ ਨਵੀਂ ਦਿੱਖ ਦੇਣ ਦਾ ਯਤਨ ਕਰੇ ਜਿਸ ਨਾਲ ਜਨਤਾ ਵਿਚ ਸਰਕਾਰ ਦੇ ਅਕਸ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਕਿਹਾ ਜਾ ਰਿਹਾ ਹੈ ਕਿ ਇਸ ਸਬੰਧੀ ਆਖਰੀ ਫ਼ੈਸਲਾ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਰਨਗੇ। ਮੁੱਖ ਮੰਤਰੀ ਵੀ ਇਸ ਕੰਮ ਨੂੰ ਜਲਦ ਤੋਂ ਜਲਦ ਪੂਰਾ ਕਰਨਾ ਚਾਹੁਣਗੇ ਕਿਉਂਕਿ ਹੁਣ ਆਮ ਚੋਣਾਂ ’ਚ ਬਹੁਤ ਘੱਟ ਸਮਾਂ ਬਾਕੀ ਰਹਿ ਗਿਆ ਹੈ।

  • Related Posts

    ਡਿਪਟੀ ਕਮਿਸ਼ਨਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਮੌਕੇ ਫੂਡ ਸੇਫਟੀ ਬਾਰੇ ਸਖ਼ਤ ਚੌਕਸੀ ਦੇ ਨਿਰਦੇਸ਼

    – ਫੂਡ ਸੇਫਟੀ ਟੀਮਾਂ ਨੂੰ ਨਾਗਰਿਕਾਂ ਲਈ ਸੁਰੱਖਿਅਤ ਤੇ ਗੁਣਵੱਤਾ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ -ਦੁੱਧ, ਮਠਿਆਈਆਂ, ਘਿਓ ਤੇ ਪਨੀਰ ਦੇ ਨਮੂਨੇ ਲੈਣ ਦੇ ਆਦੇਸ਼;…

    ਸਿਹਤ ਮੰਤਰੀ ਨੇ ਰਾਸ਼ਟਰੀ ਸਵੈ-ਇੱਛਕ ਖ਼ੂਨਦਾਨ ਦਿਵਸ ‘ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

    ਸਮਾਗਮ ਵਿੱਚ ਖੂਨਦਾਨੀ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਕਪਲ ਡੋਨਰਾਂ ਦਾ ਕੀਤਾ ਸਨਮਾਨ ਡਾ ਕੰਚਨ ਭਾਰਦਵਾਜ ਨੂੰ ਕੀਤਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਪਟਿਆਲਾ (ਗੁਰਅੰਸ਼ ਸਿੰਘ):- ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ ਸਬੰਧੀ…

    Leave a Reply

    Your email address will not be published. Required fields are marked *