ਵਾਤਾਵਰਨ ਦੀ ਸੰਭਾਲ ਲਈ ਸਭਨਾ ‘ ਚ ਸੁਹਿਰਦਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ:- ਜਜਵਿੰਦਰ ਸਿੰਘ ਚੌਕੀ ਇੰਚਾਰਜ ਤੇਪਲਾ
ਪੁਲਿਸ ਚੌਂਕੀ ਤੇਪਲਾ ‘ਚ ਵਾਤਾਵਰਨ ਦੀ ਸ਼ੁੱਧਤਾ ਲਈ ਮੁਲਾਜਮਾਂ ਨੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ
ਰਾਜਪੁਰਾ (ਗੁਰ ਅੰਸ਼ ਸਿੰਘ):-
ਜਿਵੇਂ ਜਿਵੇਂ ਸੰਸਾਰ ਤਰੱਕੀ ਕਰ ਰਿਹਾ ਹੈ, ਉਵੇਂ ਉਵੇਂ ਵਾਤਾਵਰਨ ,ਪ੍ਰਦੂਸ਼ਣ ਅਤੇ ਮੌਸਮ ਦੇ ਬਦਲਾਅ ਤੇ ਗਲੋਬਲ ਵਾਰਮਿੰਗ ਵਰਗੀਆਂ ਸਮੱਸਿਆਵਾਂ ਵੀ ਗੰਭੀਰ ਰੂਪ ਧਾਰ ਰਹੀਆਂ ਹਨ। ਇਨ੍ਹਾ ਖ਼ਤਰਨਾਕ ਚੁਣੌਤੀਆਂ ਤੋਂ ਨਿਜਾਤ ਪਾਉਣ ਲਈ ਹਰੇਕ ਨਾਗਰਿਕ ਨੂੰ ਰੁਖ ਲਗਾਕੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਇਸੇ ਤਹਿਤ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਵਾਤਾਵਰਨ ਦੀ ਸ਼ੁੱਧਤਾ ਲਈ ਪੁਲਿਸ ਚੌਕੀ ਤੇਪਲਾ ਵਿਖੇ ਚੌਕੀ ਇੰਚਾਰਜ ਜਜਵਿੰਦਰ ਸਿੰਘ ਵਲੋਂ ਇੱਕ ਸਲਾਘਾਯੋਗ ਪਹਿਲ ਕਰਦਿਆਂ ਚੌਕੀ ਦੇ ਵਿਹੜੇ ਵਿੱਚ ਲਗਭਗ 100 ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇੰਚਾਰਜ਼ ਜਜਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਮਕਸਦ ਸਿਰਫ਼ ਚੌਗਿਰਦੇ ਨੂੰ ਸੁੰਦਰ ਅਤੇ ਹਰਾ-ਭਰਾ ਬਣਾਉਣਾ ਨਹੀਂ, ਬਲਕਿ ਵਾਤਾਵਰਨ ਨੂੰ ਸ਼ੁੱਧ ਅਤੇ ਸਿਹਤਮੰਦ ਬਣਾਉਣਾ ਵੀ ਹੈ। ਉਨ੍ਹਾਂ ਆਮ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਡਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਰੁੱਖ ਲਗਾ ਕੇ ਅਤੇ ਉਨ੍ਹਾਂ ਦੀ ਸੰਭਾਲ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ-ਸੁਥਰਾ ਅਤੇ ਤੰਦਰੁਸਤ ਵਾਤਾਵਰਨ ਛੱਡੀਏ। ਜਜਵਿੰਦਰ ਸਿੰਘ ਨੇ ਅਪੀਲ ਕੀਤੀ ਕਿ ਹਰੇਕ ਵਿਅਕਤੀ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਰੁੱਖ ਲਗਾ ਕੇ ਉਸ ਦੀ ਪਰਵਿਰਸ਼ ਕਰਨ ਦਾ ਸੰਕਲਪ ਲਏ।ਉਨ੍ਹਾਂ ਇਹ ਵੀ ਕਿਹਾ ਕਿ ਜਿਵੇਂ ਅਸੀਂ ਆਪਣੇ ਘਰ ਨੂੰ ਸਾਫ ਸੁਥਰਾ ਰੱਖਦੇ ਹਾਂ,ਓਵੇਂ ਹੀ ਸਾਡੇ ਆਲੇ ਦੁਆਲੇ ਦੇ ਚੌਗਿਰਦੇ ਦੀ ਵੀ ਸਾਂਭ-ਸੰਭਾਲ ਕਰਨੀ ਲਾਜ਼ਮੀ ਹੈ। ਕਿਉਂਕਿ ਸਿਹਤਮੰਦ ਵਾਤਾਵਰਨ ਤੋਂ ਹੀ ਸਿਹਤਮੰਦ ਜੀਵਨ ਸੰਭਵ ਹੈ।ਚੌਕੀ ਤੇਪਲਾ ਦੇ ਇੰਚਾਜ ਅਤੇ ਪੂਰੀ ਪੁਲਿਸ ਟੀਮ ਵਲੋਂ ਕੀਤੀ ਗਈ ਇਹ ਸ਼ੁਰੂਆਤ ਬਾਕੀਆਂ ਲਈ ਵੀ ਇੱਕ ਪ੍ਰੇਰਨਾ ਸਰੂਪ ਹੈ। ਜੇਕਰ ਹਰ ਵਿਅਕਤੀ ਇਸ ਪ੍ਰੇਰਨਾ ਨੂੰ ਆਪਣੇ ਜੀਵਨ ਵਿੱਚ ਅਮਲ ਚ ਲਿਆਵੇ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਹਰਾ-ਭਰਾ ਅਤੇ ਪ੍ਰਦੂਸ਼ਣ-ਮੁਕਤ ਭਵਿੱਖ ਮਿਲ ਸਕੇਗਾ। ਇੱਥੇ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਜਜਵਿੰਦਾਰ ਸਿੰਘ ਜਿੱਥੇ ਵੀ ਜਾਂਦੇ ਹਨ ਤਾਂ ਉਹ ਪੁਲਿਸ ਚੌਂਕੀ ਦੇ ਵਿਕਾਰ ਪਰਸਾਰ ਵਿਚ ਕਿਤੇ ਵੀ ਕੋਈ ਕਸਰ ਨਹੀਂ ਛੱਡਦੇ ਅਤੇ ਇਸ ਦੇ ਨਾਲ ਹੀ ਮੁਲਾਜਮਾ ਅਤੇ ਆਮ ਲੋਕਾਂ ਦੇ ਆਪਸੀ ਰਿਸ਼ਤੇ ਵੀ ਸੁਖਾਵੇਂ ਬਣਾਉਂਦੇ ਹਨ ਜਿਸ ਨਾਲ ਪੰਜਾਬ ਪੁਲਿਸ ਦਾ ਮਾਣ ਆਮ ਲੋਕਾਂ ਵਿਚ ਵਧਦਾ ਹੈ।





