ਸਿਹਤ ਮੰਤਰੀ ਨੇ ਰਾਸ਼ਟਰੀ ਸਵੈ-ਇੱਛਕ ਖ਼ੂਨਦਾਨ ਦਿਵਸ ‘ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਸਮਾਗਮ ਵਿੱਚ ਖੂਨਦਾਨੀ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਕਪਲ ਡੋਨਰਾਂ ਦਾ ਕੀਤਾ ਸਨਮਾਨ

ਡਾ ਕੰਚਨ ਭਾਰਦਵਾਜ ਨੂੰ ਕੀਤਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

ਪਟਿਆਲਾ (ਗੁਰਅੰਸ਼ ਸਿੰਘ):-

ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ ਯੂ.ਕੇ. ਰਿਜ਼ੋਰਟ,ਭਾਦਸੋਂ ਰੋਡ,ਪਟਿਆਲਾ ਵਿਖੇ ਮਨਾਇਆ ਗਿਆ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਵੈ-ਇਛਾ ਨਾਲ ਸਭ ਤੋਂ ਵੱਧ ਖੂਨਦਾਨ ਕਰਨ ਵਾਲੀਆਂ ਖੂਨਦਾਨੀ ਸੰਸਥਾਵਾਂ ਤੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਰ ਸਾਲ 01 ਅਕਤੂਬਰ ਨੂੰ ਸਵੈਇੱਛੁਕ ਖੂਨਦਾਨੀ ਡਾ. ਜੈ ਗੋਪਾਲ ਜੌਲੀ ਜੀ ਦੀ ਯਾਦ ਵਿੱਚ ਰਾਸ਼ਟਰੀ ਸਵੈਇੱਛੁਕ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਸਾਲ 1 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਾਲ ਅਸੀਂ ਰਾਸ਼ਟਰੀ ਸਵੈਛਿਕ ਰਕਤਦਾਨ ਦਿਵਸ ਦੇ 50 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ। ਇਸ ਸਾਲ ਭਾਰਤ ਸਰਕਾਰ ਵੱਲੋਂ ਇਹ ਦਿਵਸ “ਰਕਤ ਦਾਨ ਕਰੋ, ਉਮੀਦ ਜਗਾਓ, ਆਓ ਆਪਾਂ ਸਾਰੇ ਮਿਲ ਕੇ ਜ਼ਿੰਦਗੀਆਂ ਬਚਾਈਏ” (“Give Blood, Give Hope: Together We Save lives”) ਥੀਮ ਨਾਲ ਮਨਾਇਆ ਜਾ ਰਿਹਾ ਹੈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ 184 ਲਾਈਸੈਂਸਡ ਬਲੱਡ ਸੈਂਟਰ ਹਨ, ਜਿਨ੍ਹਾਂ ਵਿਚੋਂ 49 ਸਰਕਾਰੀ, 7 ਮਿਲਟਰੀ ਅਤੇ 129 ਪ੍ਰਾਈਵੇਟ ਬਲੱਡ ਸੈਂਟਰ ਚਲਾਏ ਜਾ ਰਹੇ ਹਨ। ਸਰਕਾਰੀ ਤੇ ਲਾਇਸੈਂਸ-ਸ਼ੁਦਾ ਪ੍ਰਾਈਵੇਟ ਬਲੱਡ ਸੈਂਟਰਾਂ ਵਿੱਚ ਪ੍ਰਮੁੱਖ ਪੰਜ ਬਿਮਾਰੀਆਂ ਦੀ ਜਾਂਚ ਤੋਂ ਬਾਅਦ ਹੀ ਖੂਨ ਚੜ੍ਹਾਇਆ ਜਾਂਦਾ ਹੈ। ਖੂਨ ਅਤੇ ਖੂਨ ਦੇ ਤੱਤਾਂ ਦੀ ਸੁਰੱਖਿਅਤ ਅਤੇ ਲੋੜੀਂਦੀ ਮਾਤਰਾ ਵਿੱਚ ਸਪਲਾਈ ਲਈ ਸਵੈਇਛੁੱਕ ਖੂਨਦਾਨੀਆਂ ਨੂੰ ਸਤੰਭ ਕਿਹਾ ਜਾਂਦਾ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਦੱਸਿਆ ਕਿ ਪੰਜਾਬ ਵਿੱਚ ਸਾਲ 2024-25 ਵਿੱਚ ਸਰਕਾਰੀ ਤੇ ਲਾਇਸੈਂਸ-ਸ਼ੁਦਾ ਪ੍ਰਾਈਵੇਟ ਬਲੱਡ ਸੈਂਟਰਾਂ ਵਿੱਚ 4 ਲੱਖ 91 ਹਜਾਰ 639 ਯੂਨਿਟ ਖੂਨ ਇਕੱਠਾ ਕੀਤਾ ਗਿਆ ਸੀ, ਜਿਸ ਵਿਚੋ 1,79,427 ਯੂਨਿਟ ਖੂਨ ਸਰਕਾਰੀ ਹਸਪਤਾਲਾਂ ਵਿੱਚ ਇਕੱਠਾ ਕੀਤਾ ਗਿਆ ਅਤੇ ਇਸ ਵਿਚੋਂ 1,77,249 ਬਲੱਡ ਯੂਨਿਟ ਸਵੈਇੱਛਾ ਨਾਲ ਖੂਨਦਾਨੀਆਂ ਵੱਲੋਂ ਦਾਨ ਕੀਤੇ ਗਏ। ਇਸ ਤਰ੍ਹਾਂ ਕੁੱਲ ਖੂਨ ਵਿੱਚੋਂ 99 ਫ਼ੀਸਦੀ ਖੂਨ ਸਵੈਇੱਛੁਕ ਖੂਨਦਾਨੀਆਂ ਤੋਂ ਇਕੱਠਾ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਡ੍ਰਗ ਐਂਡ ਕੋਸਮੈਟਿਕ ਐਕਟ 1940 ਦੇ ਅਨੁਸਾਰ ਕੋਈ ਵੀ 18 ਤੋ 65 ਸਾਲ ਦਾ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ । ਇੱਕ ਤੰਦਰੁਸਤ ਮਰਦ ਹਰ ਤਿੰਨ ਅਤੇ ਔਰਤ ਚਾਰ ਮਹੀਨੇ ਬਾਅਦ ਖੂਨਦਾਨ ਕਰ ਸਕਦੀ ਹੈ । ਖੂਨਦਾਨ ਕਰਨ ਨਾਲ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਹੀ ਪੈਂਦਾ। ਖੂਨਦਾਨ ਕਰਨ ਤੋਂ ਤੁਰੰਤ ਮਗਰੋਂ ਸ਼ਰੀਰ ਵਿੱਚ ਇਸਦੀ ਪੂਰਤੀ ਅਰੰਭ ਹੋ ਜਾਂਦੀ ਹੈ ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਪੰਜਾਬ ਦੀਆਂ 14 ਸਵੈਇੱਛਾ ਨਾਲ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਜਿਨ੍ਹਾਂ ਨੇ ਪਿੱਛਲੇ ਸਾਲ 2000 ਅਤੇ 2000 ਤੋਂ ਵੱਧ ਬਲੱਡ ਯੂਨਿਟਾਂ ਦਾ ਪ੍ਰਬੰਧ ਕਰਕੇ ਵੱਖ ਵੱਖ ਬਲੱਡ ਸੈਂਟਰਾਂ ਨੂੰ ਦਿੱਤਾ ਹੈ। 100 ਅਤੇ 100 ਤੋਂ ਵੱਧ ਵਾਰ ਖੂਨਦਾਨ ਕਰ ਚੁੱਕੇ 15 ਪੁਰਸ਼ ਖੂਨਦਾਨੀਆਂ ਅਤੇ 25 ਤੋਂ ਵੱਧ ਵਾਰ ਖੂਨਦਾਨ ਕਰ ਚੁੱਕੀਆਂ 10 ਮਹਿਲਾ ਖੂਨਦਾਨੀਆਂ, 21 ਕਪਲ ਡੋਨਰ ਅਤੇ ਫੈਮਲੀ ਡੋਨਰ, 8 ਸਪੈਸ਼ਲੀ ਏਬੱਲਡ ਅਤੇ 9 ਸਿੰਗਲ ਪਲੇਟਲੈਟ ਡੋਨਰਜ਼ ਨੂੰ ਵੀ ਸਨਮਾਨਿਤ ਕੀਤਾ। ਇਸੇ ਤਰ੍ਹਾਂ 3 ਮੈਡੀਕਲ ਕਾਲਜ ਪਟਿਆਲਾ, ਅੰਮ੍ਰਿਤਸਰ ਸਾਹਿਬ ਅਤੇ ਫਰੀਦਕੋਰਟ ਦੇ ਬਲੱਡ ਸੈਂਟਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਸਰਕਾਰੀ ਬਲੱਡ ਸੈਂਟਰ- ਆਈ.ਆਰ.ਸੀ.ਐਸ. ਲੁਧਿਆਣਾ, ਬਟਾਲਾ ਅਤੇ ਫਾਜ਼ਿਲਕਾ ਅਤੇ ਸਰਕਾਰੀ ਬਲੱਡ ਕੰਪੋਨੈਂਟ ਸੈਪਰੇਸ਼ਨ ਯੂਨਿਟ-ਸੰਗਰੂਰ, ਅਮ੍ਰਿਤਸਰ ਤੇ ਕਪੂਰਥਲਾ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਪ੍ਰਾਈਵੇਟ ਬਲੱਡ ਸੈਂਟਰ- ਸ਼੍ਰੀ ਮਤੀ ਪਾਰਵਤੀ ਦੇਵੀ ਹਸਪਤਾਲ ਯੂਨੀਟ-2, ਦਯਾ ਨੰਦ ਮੈਡੀਕਲ ਕਾਲਜ, ਲੁਧਿਆਣਾ ਅਤੇ ਸ਼੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਵਿਗਿਆਨ ਅਤੇ ਖੋਜ, ਵੱਲਾ ਅੰਮ੍ਰਿਤਸਰ, ਨੂੰ ਵੀ ਸਨਮਾਨਿਤ ਕੀਤਾ ਗਿਆ। ਜਦੋਂ ਕਿ ਡਾ. ਆਰ.ਆਰ ਸ਼ਰਮਾ , ਐਚ.ਓ.ਡੀ, ਡਿਪਾਰਟਮੈਂਟ ਆਫ ਟਰਾਂਸਫਿਊਜ਼ਨ ਮੈਡੀਸਿਨ, ਪੀ.ਜੀ.ਆਈ, ਚੰਡੀਗੜ੍ਹ ਅਤੇ ਡਾ. ਰਵਨੀਤ ਕੌਰ, ਐਚ.ਓ.ਡੀ, ਡਿਪਾਰਟਮੈਂਟ ਆਫ ਟਰਾਂਸਫਿਊਜ਼ਨ ਮੈਡੀਸਿਨ , ਸਰਕਾਰੀ ਮੈਡੀਕਲ ਕਾਲਜ, ਸੈਕਟਰ-32 ਚੰਡੀਗੜ੍ਹ ਨੂੰ ਪੰਜਾਬ ਦੇ ਸਾਰੇ ਸਰਕਾਰੀ ਬਲੱਡ ਟਰਾਂਸਫਿਊਜ਼ਨ ਅਫਸਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਟਰੇਨਿੰਗ ਦੇਣ ਅਤੇ ਬਲੱਡ ਟਰਾਂਸਫਿਊਜ਼ਨ ਸਰਵਿਸਸ ਦੇ ਖੇਤਰ ਵਿੱਚ ਅਗਵਾਈ ਕਰਨ ਲਈ ਸਨਮਾਨਿਤ ਕੀਤਾ ਜਾਂਦਾ ਹੈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਡਾ. ਕੁਸਮ ਥਾਕੁਰ, ਸੀਨੀਅਰ ਕਸੰਲਟੈਂਟ, ਇੰਡੀਅਨ ਸੋਸਾਇਟੀ ਫਾਰ ਬਲੱਡ ਟ੍ਰਾਂਸਫਿਊਜ਼ਨ ਐਂਡ ਇਮਯੂਨੋਹੀਮੇਟੋਲੋਜੀ, ਪੰਜਾਬ ਚੈਪਟਰ ਨੂੰ ਪੰਜਾਬ ਰਾਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਮੈਡੀਕਲ ਅਤੇ ਪੈਰਾ ਮੈਡੀਕਲ ਪੇਸ਼ੇਵਰਾਂ ਦੇ ਗਿਆਨ ਅਤੇ ਹੁਨਰਾਂ ਨੂੰ ਵਧਾਉਣ ਅਤੇ ਮਾਰਗਦਰਸ਼ਨ ਦੇ ਸਨਮਾਨ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ। ਡਾ. ਕੰਚਨ ਭਾਰਦਵਾਜ, ਸਾਬਕਾ ਪ੍ਰੋਫੈਸਰ ਅਤੇ ਮੁਖੀ, ਟ੍ਰਾਂਸਫਿਊਜ਼ਨ ਮੈਡਿਸਿਨ ਵਿਭਾਗ (ਬਲੱਡ ਸੈਂਟਰ), ਸਰਕਾਰੀ ਮੈਡਿਕਲ ਕਾਲਜ, ਪਟਿਆਲਾ, ਅਤੇ ਸਾਬਕਾ ਵਾਈਸ-ਪ੍ਰਿੰਸਿਪਲ, ਸਰਕਾਰੀ ਮੈਡਿਕਲ ਕਾਲਜ, ਪਟਿਆਲਾ ਨੂੰ ਉਹਨਾਂ ਦੁਆਰਾ ਬਲੱਡ ਟਰਾਂਸਫਿਊਜ਼ਨ ਸਰਵਿਸਸ ਪਾਏ ਗਏ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਦੱਸਿਆ ਕਿ ਪੰਜਾਬ ਵਿਚ 14 ਖੂਨਦਾਨੀ ਸੰਸਥਾਂਵਾਂ ਨੂੰ ਸਨਮਾਨਿਤ ਕੀਤਾ ਜਾ ਗਿਆ ਅਤੇ ਜਿਨ੍ਹਾਂ ਵਿੱਚ ਪੀ.ਬੀ.ਜੀ ਵੈਲਫੇਅਰ ਕਲੱਬ ਕੋਟਕਪੂਰਾ ਨੇ 7989 ਬਲੱਡ ਯੂਨਿਟ ਇੱਕਠੇ ਕਰਕੇ ਵੱਖ-ਵੱਖ ਸਰਕਾਰੀ ਬਲੱਡ ਸੈਂਟਰਾਂ ਨੂੰ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪੁਰਸ਼ ਖੂਨਦਾਨੀਆਂ ਵਿੱਚੋਂ ਸ਼੍ਰੀ ਜਤਿੰਦਰ ਸੋਨੀ ਨਿਵਾਸੀ ਜ਼ਿਲ੍ਹਾ ਜਲੰਧਰ ਨੇ 169 ਵਾਰ ਖੂਨ ਦਾਨ ਕਰਕੇ ਪੰਜਾਬ ਭਰ ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਮਹਿਲਾ ਖੂਨਦਾਨੀਆਂ ਵਿੱਚੋਂ ਸ਼੍ਰੀ ਮਤੀ ਹਰਵਿੰਦਰ ਕੌਰ ਜੀ ਜ਼ਿਲ੍ਹਾ ਜਲੰਧਰ ਨੇ 66 ਵਾਰ ਖੂਨ ਦਾਨ ਕਰਕੇ ਪੰਜਾਬ ਭਰ ‘ ਚ ਪਹਿਲਾ ਸਥਾਨ ਪ੍ਰਪਾਤ ਕੀਤਾ ਹੈ। ਸੈਪਸ਼ਲੀ ਏਬਲਡ ਡੋਨਰਜ਼ ਵਿਚੋਂ ਸ. ਬਿੰਦਰ ਸਿੰਘ ਜੀ ਜ਼ਿਲ੍ਹਾ ਫਰੀਦਕੋਰਟ ਨੇ 51 ਵਾਰ ਖੂਨ ਦਾਨ ਕਰਕੇ ਪੰਜਾਬ ਭਰ ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਿੰਗਲ ਡੋਨਰ ਪਲੇਟਲੈਟਸ ਵਿੱਚੋਂ ਸ਼੍ਰੀ ਪ੍ਰਵੇਜ਼ ਕੁਮਾਰ ਜੀ ਜ਼ਿਲ੍ਹਾ ਫਰੀਦਕੋਰਟ ਨੇ 40 ਵਾਰ ਖੂਨ ਦਾਨ ਕਰਕੇ ਪੰਜਾਬ ਭਰ ‘ ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਇਸ ਮੌਕੇ ਸ੍ਰੀ.ਘਨਸ਼ਿਆਮ ਥੋਰੀ, ਆਈ.ਏ.ਐਸ, ਵਿਸ਼ੇਸ਼ ਸਕੱਤਰ ਸਿਹਤ ਕਮ ਪ੍ਰੋਜੈਕਟ ਡਾਇਰੈਕਟਰ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਤੇ ਡਾਇਰੈਕਟਰ, ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ, ਐਸ.ਡੀ ਐਮ ਹਰਜੋਤ ਕੌਰ, ਡਾ. ਜਗਪਾਲਇੰਦਰ ਸਿੰਘ, ਸਿਵਲ ਸਰਜਨ, ਪਟਿਆਲਾ, ਡਾ. ਵਿਸ਼ਾਲ ਗਰਗ, ਅਡੀਸ਼ਨਲ ਪ੍ਰੋਜੈਕਟ ਡਾਇਰੈਕਟਰ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ, ਡਾ. ਸੁਨੀਤਾ ਜੁਆਇੰਟ ਡਾਇਰੈਕਟਰ ਬਲੱਡ ਟ੍ਰਾਂਸਫਿਉਜ਼ਨ ਸਰਵਿਸਸ ਮੌਜੂਦ ਸਨ।

  • Related Posts

    ਡਿਪਟੀ ਕਮਿਸ਼ਨਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਮੌਕੇ ਫੂਡ ਸੇਫਟੀ ਬਾਰੇ ਸਖ਼ਤ ਚੌਕਸੀ ਦੇ ਨਿਰਦੇਸ਼

    – ਫੂਡ ਸੇਫਟੀ ਟੀਮਾਂ ਨੂੰ ਨਾਗਰਿਕਾਂ ਲਈ ਸੁਰੱਖਿਅਤ ਤੇ ਗੁਣਵੱਤਾ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ -ਦੁੱਧ, ਮਠਿਆਈਆਂ, ਘਿਓ ਤੇ ਪਨੀਰ ਦੇ ਨਮੂਨੇ ਲੈਣ ਦੇ ਆਦੇਸ਼;…

    ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਮਿਲੀ ਸਫ਼ਲਤਾ ਪਟਿਆਲਾ ਪੁਲਿਸ ਨੇ 2500 ਤੋਂ ਜਿਆਦਾ ਲੋਕਾਂ ਨੂੰ ਨਸ਼ਾ ਮੁਕਤੀ ਦੇ ਰਾਹ ‘ਤੇ ਤੋਰਿਆ-ਵਰੁਣ ਸ਼ਰਮਾ

    ਕਿਹਾ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਲੋਕਾਂ ਦਾ ਵਿਸ਼ਵਾਸ਼ ਜਿੱਤਿਆ -16 ਨਸ਼ਾ ਤਸਕਰਾਂ ਦੀ 6 ਕਰੋੜ ਰੁਪਏ ਦੀ ਜਾਇਦਾਦ ਜਬਤ, 5 ਵੱਡੀਆਂ ਮੱਛੀਆਂ ਕੀਤੀਆਂ ਕਾਬੂ ਪਟਿਆਲਾ(ਗੁਰਅੰਸ਼ ਸਿੰਘ):- ਪਟਿਆਲਾ ਪੁਲਿਸ ਨੇ…

    Leave a Reply

    Your email address will not be published. Required fields are marked *