LATEST UPDATES

ਮੇਰੇ ਖਿਲਾਫ ਧਰਨਾ ਲਾ ਕੀਤੀ ਗਈ ਨਾਰੇਬਾਜੀ ਨਿਰੀ ਸਿਆਸਤ – ਦੀਪਕ ਸੂਦ

ਰਾਜਪੁਰਾ (ਅਜਾਦ ਪਟਿਆਲਵੀ ):-

“ਬੀਤੇ ਦਿਨੀਂ ਆੜਤੀ ਐਸੋਸੀਏਸ਼ਨ ਵੱਲੋਂ ਜੋ ਮੇਰੇ ਦਫ਼ਤਰ ਦੇ ਬਾਹਰ ਮੇਰੇ ਖਿਲਾਫ ਮੁਜ਼ਾਹਰਾ ਕਰਕੇ ਨਾਅਰੇਬਾਜ਼ੀ ਕੀਤੀ ਗਈ ਹੈ ਉਹ ਸਭ ਕੁੱਝ ਸੱਤਾ ਦੇ ਨਸ਼ੇ ਵਿੱਚ ਚੂਰ ਇੱਕ ਸਿਆਸੀ ਪਰਿਵਾਰ ਦੀ ਸ਼ਹਿ ਤੇ ਮੇਰਾ ਅਕਸ ਖਰਾਬ ਕਰਨ ਦੀ ਨੀਅਤ ਨਾਲ ਕੀਤਾ ਗਿਆ ਹੈ”ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਨੇ ਕਰਦਿਆ ਕਿਹਾ ਕਿ ਉਨ੍ਹਾਂ ਨੇ ਦੋ ਮਹੀਨੇ ਪਹਿਲਾਂ ਇੱਕ ਯੂ ਟਿਯੂਬ ਚੈਨਲ ਨਾਲ ਪੌਡਕਾਸਟ ਕੀਤਾ ਸੀ, ਜਿਸ ਨੂੰ ਆਧਾਰ ਬਣਾ ਕੇ ਆੜਤੀਆਂ ਵੱਲੋਂ ਅੱਜ ਉਨ੍ਹਾਂ ਦੇ ਖਿਲਾਫ਼ ਉਹਨਾਂ ਦੇ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮੰਡੀ ਦੇ ਵਿੱਚ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗ ਅੰਨਦਾਤਾ ਕਿਸਾਨ ਵੀਰਾਂ ਦੀ ਮਹਿਨਤ ਨਾਲ ਪਾਲੀ ਕਣਕ ਦੀ ਫ਼ਸਲ ਚੋਰੀ ਵੱਧ ਤੋਲ ਕੇ ਉਹਨਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ।ਜਿਸ ਦੀ ਜ਼ਮੀਨੀ ਹਕੀਕਤ ਜਾਨਣ ਲਈ ਤੜਕਸਾਰ ਉਹ ਮੰਡੀ ਵਿੱਚ ਪਹੁੰਚੇ ਤੇ ਮੋਕੇ ਤੇ ਭਰੇ ਹੋਏ ਕੱਟਿਆ ਵਿੱਚੋ ਕੁੱਝ ਕੱਟਿਆਂ ਦਾ ਦੁਬਾਰਾ ਤੋਲ ਕਰਵਾਇਆ ਤਾਂ ਉਸ ਵਿੱਚ ਸਰਕਾਰ ਦੇ ਨਿਯਮਾ ਤੋਂ ਵੱਧ ਤੋਲ ਪਾਇਆ ਗਿਆ।ਜਿਸ ਸਬੰਧੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਗਈ। ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਉਹਨਾਂ ਦੇ ਦਫ਼ਤਰ ਦੇ ਬਾਹਰ ਮੁਜ਼ਾਹਰਾ ਕਰਕੇ ਨਾਅਰੇਬਾਜ਼ੀ ਕੀਤੀ ਗਈ ਜੋ ਕਿ ਨਿਰੋਲ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਿਛਲੇ ਸਾਲ ਵੀ ਆੜਤੀ ਐਸੋਸੀਏਸ਼ਨ ਵੱਲੋਂ ਤੋਲ ਚੈੱਕ ਕਰਨ ਕਰਕੇ ਅਤੇ ਤੋਲ ਵੱਧ ਪਾਏ ਜਾਣ ਕਾਰਨ ਉਨ੍ਹਾਂ ਦੇ ਖਿਲਾਫ ਉਹਨਾਂ ਦੇ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਸੀ, ਜਿਸ ਕਾਰਨ ਉਹਨਾਂ ਨੇ ਮੌਜੂਦਾ ਪ੍ਰਧਾਨ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਸੀ ਅਤੇ ਹੁਣ ਮੌਜੂਦਾ ਪ੍ਰਧਾਨ ਇਸੇ ਰੰਜਿਸ਼ ਬਾਜ਼ੀ ਕਾਰਨ ਸਥਾਨਕ ਇੱਕ ਸਿਆਸੀ ਪਰਿਵਾਰ ਦੀ ਸ਼ਹਿ ਤੇ ਉਨ੍ਹਾਂ ਦੇ ਖਿਲਾਫ ਕੂੜ ਪ੍ਰਚਾਰ ਤੇ ਪ੍ਰਦਰਸ਼ਨ ਕਰ ਰਿਹਾ ਹੈ ਜੋ ਕਿ ਇੱਕੋ ਪਾਰਟੀ ਵਿੱਚ ਹੋਣ ਦੇ ਬਾਵਜੂਦ ਬਹੁਤ ਹੀ ਮਾੜੀ ਗੱਲ ਹੈ। ਉਨਾਂ ਕਿਹਾ ਕਿ ਉਹ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਸੀ, ਹਨ ਅਤੇ ਰਹਿਣਗੇ ਅਤੇ ਇਸੇ ਤਰ੍ਹਾਂ ਬਤੌਰ ਚੇਅਰਮੈਨ ਆਪਣੀਆ ਸੇਵਾਵਾਂ ਜਾਰੀ ਰੱਖਦੇ ਹੋਏ ਕਿਸੇ ਨੂੰ ਵੀ ਕਿਸਾਨਾਂ ਮਜ਼ਦੂਰਾਂ ਦਾ ਹੱਕ ਮਾਰਨ ਨਹੀਂ ਦੇਣਗੇ।

Leave a Reply

Your email address will not be published. Required fields are marked *

*

*