ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਆਪ ਸੂਬਾ ਪ੍ਰਧਾਨ ਅਮਨ ਅਰੋੜਾ ਵਲੋਂ ਡਾ. ਭੀਮ ਰਾਉ ਅੰਬੇਡਕਰ ਦੇ ਮਹਾਂ ਪ੍ਰੀਨਿਰਵਾਣ ਦਿਵਸ ਮੌਕੇ ਨਾਭਾ ਵਿਖੇ ਸ਼ਰਧਾਂਜਲੀ ਭੇਟ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਆਪ ਸੂਬਾ ਪ੍ਰਧਾਨ ਅਮਨ ਅਰੋੜਾ ਵਲੋਂ ਡਾ. ਭੀਮ ਰਾਉ ਅੰਬੇਡਕਰ ਦੇ ਮਹਾਂ ਪ੍ਰੀਨਿਰਵਾਣ ਦਿਵਸ ਮੌਕੇ ਨਾਭਾ ਵਿਖੇ ਸ਼ਰਧਾਂਜਲੀ ਭੇਟ

-ਡਾ. ਅੰਬੇਡਕਰ ਵਲੋਂ ਸੰਵਿਧਾਨ ਰਾਹੀਂ ਆਜ਼ਾਦੀ ਦੇ ਦਿੱਤੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ ਕੇਂਦਰ ਸਰਕਾਰ-ਅਮਨ ਅਰੋੜਾ, ਹਰਪਾਲ ਚੀਮਾ 

-ਡਾ. ਅੰਬੇਡਕਰ ਨੇ ਸੰਵਿਧਾਨਕ ਹੱਕਾਂ ਨਾਲ ਦੱਬੇ ਕੁਚਲੇ ਲੋਕਾਂ ਨੂੰ ਆਰਥਿਕ ਤੇ ਸਮਾਜਿਕ ਤੌਰ ‘ਤੇ ਉੱਪਰ ਚੁੱਕਿਆ -ਅਮਨ ਅਰੋੜਾ, ਹਰਪਾਲ ਸਿੰਘ ਚੀਮਾ 

-ਪੰਜਾਬ ਦੀ ਆਰਥਿਕ ਸਥਿਤੀ ਮਜ਼ਬੂਤ, ਸੂਬਾ ਸਰਕਾਰ ਨੇ ਪ੍ਰਾਈਵੇਟ ਤਾਪ ਬਿਜਲੀ ਪਲਾਂਟ ਵੀ ਖ਼ਰੀਦਿਆ- ਵਿੱਤ ਮੰਤਰੀ 

-ਪੰਜਾਬ ਸੁਰੱਖਿਅਤ ਤੇ ਮਜ਼ਬੂਤ ਹੱਥਾਂ ‘ਚ, ਕਿਸੇ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ-ਅਮਨ ਅਰੋੜਾ

-ਕਿਸਾਨ ਵੀ ਦੇਸ਼ ਦਾ ਹਿੱਸਾ, ਮੰਗਾਂ ਕੇਂਦਰ ਨਾਲ ਸਬੰਧਤ, ਇਸ ਲਈ ਕੇਂਦਰ ਸਰਕਾਰ ਕਿਸਾਨਾਂ ਨਾਲ ਮੀਟਿੰਗ ਕਰਕੇ ਸਾਰੇ ਮੁੱਦੇ ਹੱਲ ਕਰੇ-ਅਮਨ ਅਰੋੜਾ 

ਨਾਭਾ (ਅਜਾਦ ਪਟੀਆਲਵੀ):-

ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਅਤੇ ਰੋਜ਼ਗਾਰ ਉਤਪਤੀ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਗਵਰਨੈਂਸ ਰਿਫਾਰਮਜ ਤੇ ਸ਼ਿਕਾਇਤ ਨਿਵਾਰਣ ਤੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗਾਂ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਦੇ ਮਹਾਂ ਪ੍ਰੀਨਿਰਵਾਣ ਦਿਵਸ ਮੌਕੇ ਨਾਭਾ ਦੇ ਪਟਿਆਲਾ ਗੇਟ ਵਿਖੇ ਸਥਿਤ ਡਾ. ਅੰਬੇਡਕਰ ਦੇ ਸਮਾਰਕ ‘ਤੇ ਸ਼ਰਧਾਂਜਲੀ ਭੇਟ ਕੀਤੀ।ਦੋਵੇਂ ਆਗੂਆਂ ਨੇ ਕਿਹਾ ਕਿ ਡਾ. ਅੰਬੇਡਕਰ ਨੇ ਸੰਵਿਧਾਨਕ ਹੱਕਾਂ ਨਾਲ ਦੱਬੇ ਕੁਚਲੇ ਲੋਕਾਂ ਨੂੰ ਆਰਥਿਕ ਤੇ ਸਮਾਜਿਕ ਤੌਰ ‘ਤੇ ਉੱਪਰ ਚੁੱਕਿਆ, ਜਿਸ ਲਈ ਸਾਨੂੰ ਉਨ੍ਹਾਂ ਦੇ ਪਾਏ ਪੂਰਨਿਆਂ ਉਪਰ ਚੱਲਣਾ ਚਾਹੀਦਾ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਪ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਕੇਂਦਰ ਸਰਕਾਰ ਡਾ. ਭੀਮ ਰਾਉ ਅੰਬੇਡਕਰ ਵਲੋਂ ਦਿੱਤੀ ਅਜ਼ਾਦੀ ਖੋਹਣ ਦੇ ਕੋਝੇ ਯਤਨ ਕਰ ਰਹੀ ਹੈ, ਜਿਸ ਨੂੰ ਪੰਜਾਬ ਸਰਕਾਰ ਤੇ ਆਪ ਪਾਰਟੀ ਬਰਦਾਸ਼ਤ ਨਹੀਂ ਕਰੇਗੀ।ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਆਪਣੀ ਰਾਜਧਾਨੀ ਦਿੱਲੀ ਵਿਖੇ ਜਾਣ ਤੋਂ ਰੋਕਣ ਲਈ ਅੜਿੱਕੇ ਡਾਹ ਕੇ ਹਰਿਆਣਾ ਪੁਲਿਸ ਰਾਹੀਂ ਜਬਰ ਢਾਹਿਆ ਜਾ ਰਿਹਾ ਹੈ, ਜੋ ਕਿ ਨਿੰਦਣਯੋਗ ਹੈ।

ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਕਿਸਾਨ ਵੀ ਇਸ ਦੇਸ਼ ਦਾ ਹਿੱਸਾ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਇਸ ਲਈ ਕੇਂਦਰ ਨੂੰ ਕਿਸਾਨਾਂ ਨਾਲ ਬੈਠਕ ਕਰਕੇ ਇਸ ਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਮੰਗਾਂ ਕੇਂਦਰ ਸਰਕਾਰ ਨਾਲ ਹੀ ਸਬੰਧਤ ਹਨ। ਉਨ੍ਹਾਂ ਨੇ ਕਿਸਾਨਾਂ ਉੱਪਰ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਜਬਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਜਾਣ ਤੋਂ ਰੋਕਣਾ ਗ਼ੈਰਕਾਨੂੰਨੀ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਉੱਪਰ ਹਮਲਾ ਮੰਦਭਾਗਾ ਹੈ ਪ੍ਰੰਤੂ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਗੱਲੋਂ ਵਚਨਬੱਧ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਇਸ ਗੱਲੋਂ ਬੇਫ਼ਿਕਰ ਹੋ ਜਾਣ ਕਿਉਂਕਿ ਪੰਜਾਬ ਸੁਰੱਖਿਅਤ ਤੇ ਮਜ਼ਬੂਤ ਹੱਥਾਂ ਵਿੱਚ ਹੈ ਅਤੇ ਕਿਸੇ ਵੀ ਘਿਨੌਣੀ ਹਰਕਤ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਨੂੰ ਕਾਲੇ ਦੌਰ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇੱਕ ਵੱਖਰੇ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਮਜ਼ਬੂਤ ਹੈ ਤੇ ਪੰਜਾਬ ਸਰਕਾਰ ਨੇ ਕਰਜ਼ਾ ਲੈਣ ਦੀ ਦਰ ਨੂੰ ਘਟਾਇਆ ਹੈ ਅਤੇ ਸੂਬਾ ਸਰਕਾਰ ਨੇ ਪ੍ਰਾਈਵੇਟ ਤਾਪ ਬਿਜਲੀ ਪਲਾਂਟ ਵੀ ਖ਼ਰੀਦ ਕੇ ਨਵਾਂ ਰਿਕਾਰਡ ਬਣਾਇਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਦਿੱਤੀਆਂ ਪੰਜ ਗਰੰਟੀਆਂ ਵਿੱਚੋਂ ਚਾਰ ਪੂਰੀਆਂ ਕਰ ਦਿੱਤੀਆਂ ਹਨ ਅਤੇ ਬਾਕੀ ਰਹਿੰਦੀ ਇੱਕ ਗਰੰਟੀ ਵੀ ਜਲਦ ਪੂਰੀ ਕਰ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਹਰ ਪਾਸੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਹੈ, ਸਿੱਟੇ ਵਜੋਂ ਰਾਜ ਵਿੱਚ ਇੰਡਸਟਰੀ ਖੇਤਰ ਵਿੱਚ ਢਾਈ ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ।

ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਅਤੇ ਐਸ.ਡੀ.ਐਮ ਡਾ ਇਸਮਤ ਵਿਜੇ ਸਿੰਘ ਵੀ ਮੌਜੂਦ ਸਨ।

  • Related Posts

    ਡਿਪਟੀ ਕਮਿਸ਼ਨਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਮੌਕੇ ਫੂਡ ਸੇਫਟੀ ਬਾਰੇ ਸਖ਼ਤ ਚੌਕਸੀ ਦੇ ਨਿਰਦੇਸ਼

    – ਫੂਡ ਸੇਫਟੀ ਟੀਮਾਂ ਨੂੰ ਨਾਗਰਿਕਾਂ ਲਈ ਸੁਰੱਖਿਅਤ ਤੇ ਗੁਣਵੱਤਾ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ -ਦੁੱਧ, ਮਠਿਆਈਆਂ, ਘਿਓ ਤੇ ਪਨੀਰ ਦੇ ਨਮੂਨੇ ਲੈਣ ਦੇ ਆਦੇਸ਼;…

    ਸਿਹਤ ਮੰਤਰੀ ਨੇ ਰਾਸ਼ਟਰੀ ਸਵੈ-ਇੱਛਕ ਖ਼ੂਨਦਾਨ ਦਿਵਸ ‘ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

    ਸਮਾਗਮ ਵਿੱਚ ਖੂਨਦਾਨੀ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਕਪਲ ਡੋਨਰਾਂ ਦਾ ਕੀਤਾ ਸਨਮਾਨ ਡਾ ਕੰਚਨ ਭਾਰਦਵਾਜ ਨੂੰ ਕੀਤਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਪਟਿਆਲਾ (ਗੁਰਅੰਸ਼ ਸਿੰਘ):- ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ ਸਬੰਧੀ…

    Leave a Reply

    Your email address will not be published. Required fields are marked *