ਪੰਜਾਬੀਅਤ ਇਕ ਵਿਆਪਕ ਸੰਕਲਪ ਹੈ:- ਕੁਲਤਾਰ ਸਿੰਘ ਸੰਧਵਾਂ -ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਯੂਨੀਵਰਸਿਟੀ ਵਿਖੇ 36ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦਾ ਉਦਘਾਟਨ*

 

ਪਟਿਆਲਾ(ਅਜਾਦ ਪਟਿਆਲਵੀ):-

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬੀਅਤ ਖੁੱਲ੍ਹਦਿਲੀ ਦਾ ਨਾਮ ਹੈ ਅਤੇ ਇਹ ਕਿਸੇ ਵੀ ਅਧਾਰ ਉੱਤੇ ਵਿਤਰਕਰੇਬਾਜ਼ੀ ਦਾ ਨਾਮ ਨਹੀਂ ਹੈ। ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬੀਅਤ ਦੇ ਇਸ ਵਿਆਪਕ ਸੰਕਲਪ ਨੂੰ ਇਤਿਹਾਸ ਦੇ ਵਰਕਿਆਂ ਉੱਤੇ ਸੁਨਹਿਰੀ ਅੱਖਰਾਂ ਵਿੱਚ ਉੱਕੇਰ ਕੇ ਰੱਖੀਏ।

ਪੰਜਾਬੀ ਯੂਨੀਵਰਸਿਟੀ ਵਿਖੇ 36ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ’ ਦੇ ਉਦਘਾਟਨ ਮੌਕੇ ਆਪਣੇ ਸੰਬੋਧਨ ਵਿੱਚ ਸ. ਸੰਧਵਾਂ ਨੇ ਕਿਹਾ ਕਿ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਪੰਜਾਬੀ ਸੱਭਿਆਚਾਰ ਦੁਨੀਆਂ ਦੇ ਸਭ ਤੋਂ ਪੁਰਾਣੇ ਅਤੇ ਉਤਮ ਸੱਭਿਆਚਾਰਾਂ ਵਿੱਚੋਂ ਇੱਕ ਹੈ। ‘ਪੰਜਾਬੀ ਸਮਾਜ ਦੀ ਇਤਿਹਾਸਿਕ ਪਰੰਪਰਾ : ਸਮਕਾਲੀਨ ਪ੍ਰਸੰਗਿਕਤਾ’ ਵਿਸ਼ੇ ‘ਤੇ ਕਰਵਾਈ ਜਾ ਰਹੀ ਤਿੰਨ ਦਿਨਾਂ ਕਾਨਫਰੰਸ ਦੇ ਹਵਾਲੇ ਨਾਲ ਉਨ੍ਹਾਂ ਨੇ ਪੰਜਾਬੀਅਤ ਦੇ ਸੰਕਲਪ ਬਾਰੇ ਵੱਖ-ਵੱਖ ਪੱਖਾਂ ਤੋਂ ਆਪਣੇ ਵਿਚਾਰ ਪ੍ਰਗਟ ਕੀਤੇ। ਉੁਨ੍ਹਾਂ ਕਿਹਾ ਕਿ ਬੀਤੇ ਸਮਿਆਂ ਵਿੱਚ ਭਾਵੇਂ ਪੰਜਾਬੀਅਤ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਹੋਈਆਂ ਅਤੇ ਪੰਜਾਬ ਦੇ ਬਹੁਤ ਸਾਰੇ ਟੁਕੜੇ ਕਰ ਦਿੱਤੇ ਗਏ ਪਰ ਇਸ ਦੇ ਬਾਵਜੂਦ ਪੰਜਾਬੀਆਂ ਦੀ ਗੂੜ੍ਹੀ ਸਾਂਝ ਕਾਇਮ ਹੈ। ਉਨ੍ਹਾਂ ਕਿਹਾ ਕਿ ਪੰਜਾਬੀਅਤ ਅਜੇ ਵੀ ਆਪਣਾ ਇੱਕ ਨਿਰਾਲਾ ਅਤੇ ਵਿਲੱਖਣ ਦਰਜਾ ਕਾਇਮ ਰਖਦੀ ਹੈ। ਪਾਕਿਸਤਾਨੀ ਪੰਜਾਬ ਦੇ ਹਵਾਲੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬੀਅਤ ਇਕ ਸੱਭਿਆਚਾਰ ਹੈ ਜੋ ਸਾਰੀਆਂ ਸੌੜੀਆਂ ਵਲਗਣਾਂ ਤੋਂ ਉਪਰ ਹੈ। ਉਨ੍ਹਾਂ ਕਿਹਾ ਕਿ ਪੰਜਾਬੀਅਤ ਦੇ ਇਸ ਸੰਕਲਪ ਨੂੰ ਉਤਸ਼ਾਹ ਨੂੰ ਕਾਇਮ ਰੱਖਣ ਦੀ ਲੋੜ ਹੈ।

ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਵਿੱਚ ਆਪਣੇ ਸਵਾਗਤੀ ਭਾਸ਼ਣ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਸੰਬੰਧੀ ਜਿਸ ਮੰਤਵ ਨਾਲ ਪੰਜਾਬੀ ਯੂਨੀਵਰਸਿਟੀ ਸਥਾਪਿਤ ਹੋਈ ਹੈ, ਯੂਨੀਵਰਸਿਟੀ ਦਾ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਉਸ ਮੰਤਵ ਨੂੰ ਪੂਰਾ ਕਰਨ ਵਿੱਚ ਬਹੁਤ ਸ਼ਲਾਘਾਯੋਗ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਇਸ ਵਿਭਾਗ ਵੱਲੋਂ ਕਰਵਾਈਆਂ ਜਾਂਦੀਆਂ ਕਾਨਫ਼ਰੰਸਾਂ ਅਤੇ ਵੱਖ-ਵੱਖ ਵਿਸ਼ਿਆਂ ਦੀਆਂ ਪ੍ਰਕਾਸ਼ਨਾਵਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਸਥਾਪਨਾ ਮੰਤਵ ਦੀ ਪੂਰਤੀ ਵਿੱਚ ਇਹ ਵਿਭਾਗ ਵੱਡੇ ਪੱਧਰ ਉੱਤੇ ਆਪਣਾ ਯੋਗਦਾਨ ਪਾ ਰਿਹਾ ਹੈ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ. ਰਾਜੇਸ਼ ਗਿੱਲ ਨੇ ਆਪਣੇ ਮੁੱਖ-ਸੁਰ ਭਾਸ਼ਣ ਦੌਰਾਨ ਪੰਜਾਬੀ ਸਮਾਜ ਦੀ ਪਛਾਣ ਅਤੇ ਮੌਜੂਦਾ ਸਮੇਂ ਇਸ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਸਮਾਜ ਫਿਰਕਾਪ੍ਰਸਤੀ ਅਤੇ ਜਾਤ-ਪਾਤ ਜਿਹੀਆਂ ਕੁਰੀਤੀਆਂ ਨੂੰ ਹਮੇਸ਼ਾ ਹੀ ਨਕਾਰਦਾ ਰਿਹਾ ਹੈ ਪਰ ਅਫ਼ਸੋਸ ਹੈ ਕਿ ਅੱਜ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਪੈਦਾ ਹੋ ਗਈਆਂ ਹਨ ਜਿਨ੍ਹਾਂ ਬਾਰੇ ਚਿੰਤਾ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਸਿਧਾਂਤ ਉੱਤੇ ਪੂਰੀ ਤਰ੍ਹਾਂ ਅਮਲ ਨਹੀਂ ਕੀਤਾ।

ਵਿਭਾਗ ਮੁਖੀ ਡਾ. ਪ੍ਰਮਿੰਦਰਜੀਤ ਕੌਰ ਨੇ ਉਦਘਾਟਨੀ ਸੈਸ਼ਨ ਦਾ ਸੰਚਾਲਨ ਕਰਦਿਆਂ ਦੱਸਿਆ ਕਿ ਕਾਨਫ਼ਰੰਸ ਦਾ ਮੁੱਖ ਮੰਤਵ ਮਾਣਮੱਤੀ ਪੰਜਾਬੀ ਪਰੰਪਰਾ ਵਿੱਚੋਂ ਵਰਤਮਾਨ ਸਮੱਸਿਆਵਾਂ ਦਾ ਹੱਲ ਲੱਭਣਾ ਹੈ ਤਾਂ ਕਿ ਪੰਜਾਬ ਦੇ ਵਧੀਆ ਭਵਿੱਖ ਦੀ ਨਿਸ਼ਾਨਦੇਹੀ ਹੋ ਸਕੇ। ਡੀਨ ਭਾਸ਼ਾ ਫ਼ੈਕਲਟੀ ਡਾ. ਬਲਵਿੰਦਰ ਕੌਰ ਸਿੱਧੂ ਨੇ ਕਾਨਫ਼ਰੰਸ ਦੀ ਰੂਪ ਰੇਖਾ ਬਾਰੇ ਵਿਸਥਾਰ ਵਿੱਚ ਦੱਸਿਆ।

ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਾਹਿਤ ਅਕਾਦੇਮੀ, ਦਿੱਲੀ ਦੇ ਪੰਜਾਬੀ ਸਲਾਹਕਾਰ ਬੋਰਡ ਤੋਂ ਕਨਵੀਨਰ ਡਾ. ਰਵੇਲ ਸਿੰਘ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਪੰਜਾਬੀ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਹਵਾਲੇ ਨਾਲ ਵਿਭਾਗ ਦੀ ਸ਼ਲਾਘਾ ਕੀਤੀ।

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਤੋਂ ਸਾਬਕਾ ਪ੍ਰੋਫ਼ੈਸਰ ਪ੍ਰੋ ਜਸਪਾਲ ਕੌਰ ਕਾਂਗ ਅਤੇ ਭਾਸ਼ਾ ਵਿਭਾਗ ਪਟਿਆਲਾ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਦਘਾਟਨੀ ਸਮਾਰੋਹ ਦੌਰਾਨ ਧੰਨਵਾਦੀ ਸ਼ਬਦ ਰਜਿਸਟਰਾਰ ਡਾ. ਸੰਜੀਵ ਪੁਰੀ ਨੇ ਬੋਲੇ।

ਜ਼ਿਕਰਯੋਗ ਹੈ ਕਿ ਤਿੰਨ ਦਿਨ ਚੱਲਣ ਵਾਲੀ ਇਸ ਕਾਨਫ਼ਰੰਸ ਵਿੱਚ 6 ਅਕਾਦਮਿਕ ਬੈਠਕਾਂ, 6 ਸਮਾਨ-ਅੰਤਰ ਅਕਾਦਮਿਕ ਬੈਠਕਾਂ, 3 ਵਿਸ਼ੇਸ਼ ਬੈਠਕਾਂ ਅਤੇ ਇੱਕ ਵਿਸ਼ੇਸ਼ ਬੈਠਕ ‘ਪੁੰਗਰਦੀਆਂ ਕਲਮਾਂ’ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਕਾਨਫ਼ਰੰਸ ਦੌਰਾਨ ਦੋ ਸੱਭਿਆਚਾਰਕ ਸ਼ਾਮਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ ਜਿਸ ਵਿੱਚ ਦੋ ਨਾਟਕਾਂ ‘ਏਵਮ ਇੰਦਰਜੀਤ’ ਅਤੇ ‘ਬੋਲ ਮਿੱਟੀ ਦਿਆ ਬਾਵਿਆ’ ਦਾ ਮੰਚਨ ਕੀਤਾ ਜਾਣਾ ਹੈ।

  • Related Posts

    ਡਿਪਟੀ ਕਮਿਸ਼ਨਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਮੌਕੇ ਫੂਡ ਸੇਫਟੀ ਬਾਰੇ ਸਖ਼ਤ ਚੌਕਸੀ ਦੇ ਨਿਰਦੇਸ਼

    – ਫੂਡ ਸੇਫਟੀ ਟੀਮਾਂ ਨੂੰ ਨਾਗਰਿਕਾਂ ਲਈ ਸੁਰੱਖਿਅਤ ਤੇ ਗੁਣਵੱਤਾ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ -ਦੁੱਧ, ਮਠਿਆਈਆਂ, ਘਿਓ ਤੇ ਪਨੀਰ ਦੇ ਨਮੂਨੇ ਲੈਣ ਦੇ ਆਦੇਸ਼;…

    ਸਿਹਤ ਮੰਤਰੀ ਨੇ ਰਾਸ਼ਟਰੀ ਸਵੈ-ਇੱਛਕ ਖ਼ੂਨਦਾਨ ਦਿਵਸ ‘ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

    ਸਮਾਗਮ ਵਿੱਚ ਖੂਨਦਾਨੀ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਕਪਲ ਡੋਨਰਾਂ ਦਾ ਕੀਤਾ ਸਨਮਾਨ ਡਾ ਕੰਚਨ ਭਾਰਦਵਾਜ ਨੂੰ ਕੀਤਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਪਟਿਆਲਾ (ਗੁਰਅੰਸ਼ ਸਿੰਘ):- ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ ਸਬੰਧੀ…

    Leave a Reply

    Your email address will not be published. Required fields are marked *